ਬਾਬਾ ਸਿਰੀ ਚੰਦ ਜੀ ਸਰਕਾਰੀ ਕਾਲਜ, ਸਰਦਾਰਗੜ੍ਹ, ਬਠਿੰਡਾ-ਗਿੱਦੜਬਾਹਾ ਮੁੱਖ ਸੜਕ 'ਤੇ ਬਠਿੰਡਾ ਤੋਂ 24 ਕਿਲੋਮੀਟਰ (ਪੱਛਮ ਵੱਲ) ਅਤੇ ਗਿੱਦੜਬਾਹਾ ਤੋਂ 6 ਕਿਲੋਮੀਟਰ (ਪੂਰਬ ਵੱਲ) ਦੀ ਦੂਰੀ ਉੱਤੇ ਖੁੱਲ੍ਹੇ, ਪ੍ਰਦੂਸ਼ਨ ਰਹਿਤ, ਭੀੜ ਭੜੱਕੇ ਤੋਂ ਦੂਰ, ਕੁਦਰਤੀ ਵਾਤਾਵਰਨ ਵਿੱਚ ਸਥਿੱਤ ਹੈ ।
ਇਸ ਕਾਲਜ ਦਾ ਸ਼ੁਭ ਆਰੰਭ ਜੁਲਾਈ 1970 ਵਿੱਚ ਗੁਰੂ ਗੋਬਿੰਦ ਸਿੰਘ ਕਾਲਜ, ਗਿੱਦੜਬਾਹਾ ਦੇ ਰੂਪ ਵਿੱਚ ਉਸ ਸਮੇਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਕਰ-ਕਮਲਾਂ ਨਾਲ ਕੀਤਾ ਗਿਆ। ਇਸ ਕਾਲਜ ਦਾ ਮੁੱਖ ਮੰਤਵ ਇਲਾਕੇ ਦੇ ਪੇਂਡੂ ਨੌਜਵਾਨਾਂ ਨੂੰ ਵਿੱਦਿਅਕ, ਸੱਭਿਆਚਾਰਕ ਤੇ ਖੇਡਾਂ ਵਿੱਚ ਉਤਸ਼ਾਹਿਤ ਕਰਨਾ ਸੀ । ਇਹ ਸੰਸਥਾ ਅਕਤੂਬਰ 1997 ਤੱਕ ਇਲਾਕੇ ਦੀ ਭਰਪੂਰ ਸੇਵਾ ਕਰਦੀ ਰਹੀ। ਇਸ ਸਮੇਂ ਦੌਰਾਨ ਇਹ ਕਾਲਜ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨਾਲ ਸੰਬੰਧਤ (ਐਫੀਲੀਏਟਡ) ਸੀ। ਇਲਾਕੇ ਵਿੱਚ ਹੋਰ ਵਿੱਦਿਅਕ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਨੇ ਮਿਤੀ 20.10.97 ਨੂੰ ਇਸ ਕਾਲਜ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਅਤੇ ਇਹ ਗੁਰੂ ਗੋਬਿੰਦ ਸਿੰਘ ਸਰਕਾਰੀ ਕਾਲਜ, ਗਿੱਦੜਬਾਹਾ ਦੇ ਨਾਉਂ ਨਾਲ ਜਾਣਿਆ ਜਾਣ ਲੱਗਿਆ ।
ਇਸੇ ਸਮੇਂ ਪਿੰਡ ਸਰਦਾਰਗੜ੍ਹ ਵਿਖੇ ਡੇਰਾ ਲੰਗ ਨੇ ਕਾਲਜ ਲਈ 20 ਏਕੜ ਜ਼ਮੀਨ ਦਾਨ ਦਿੱਤੀ, ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਜੰਗੀ ਪੱਧਰ 'ਤੇ ਸ਼ਾਨਦਾਰ ਦੋ-ਮੰਜ਼ਿਲੀ ਇਮਾਰਤ ਦਾ ਨਿਰਮਾਣ ਕਰਵਾਇਆ ਗਿਆ ਤੇ 1998 ਦੇ ਨਵ-ਪੰਜਾਬ ਦਿਵਸ ਦੇ ਦਿਹਾੜੇ ਇਹ ਕਾਲਜ ਨਵੀਂ ਇਮਾਰਤ (ਸਰਦਾਰਗੜ੍ਹ) ਵਿਖੇ ਤਬਦੀਲ ਹੋ ਗਿਆ । ਹੁਣ ਇਹ ਕਾਲਜ ਜ਼ਿਲ੍ਹਾ ਬਠਿੰਡਾ ਦੀ ਹਦੂਦ ਵਿੱਚ ਆਉਣ ਕਰਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਸੰਬੰਧਤ ਹੈ ਅਤੇ ਇਸ ਦਾ ਨਾਉਂ ਬਦਲ ਕੇ ਬਾਬਾ ਸਿਰੀ ਚੰਦ ਜੀ ਸਰਕਾਰੀ ਕਾਲਜ, ਸਰਦਾਰਗੜ੍ਹ (ਬਠਿੰਡਾ) ਕਰ ਦਿੱਤਾ ਗਿਆ ਹੈ ।
ਇਸ ਸਮੇਂ ਕਾਲਜ ਵਿੱਚ ਬੀ. ਏ. ਭਾਗ ਪਹਿਲਾ, ਦੂਜਾ ਅਤੇ ਤੀਜਾ ਦੀਆਂ ਸ਼੍ਰੇਣੀਆਂ ਵਿੱਚ ਪੰਜਾਬੀ, ਅੰਗਰੇਜ਼ੀ ਅਤੇ ਕੰਪਿਊਟਰ ਸਿੱਖਿਆ ਦੇ ਨਾਲ ਭੂਗੋਲ, ਰਾਜਨੀਤੀ ਸ਼ਾਸ਼ਤਰ, ਹਿੰਦੀ, ਇਤਿਹਾਸ ਅਤੇ ਸਰੀਰਕ ਸਿੱਖਿਆ ਦੇ ਵਿਸ਼ੇ ਪੜਾਏ ਜਾ ਰਹੇ ਹਨ । ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਲਾਇਬਰੇਰੀ ਅਤੇ ਵੱਡਾ ਰੀਡਿੰਗ-ਰੂਮ ਵੀ ਕਾਲਜ ਇਮਾਰਤ ਦਾ ਹਿੱਸਾ ਹਨ। 15 ਵੱਡੇ ਕਮਰੇ, ਆਡੀਟੋਰੀਅਮ, ਪ੍ਰਬੰਧਕੀ ਬਲਾਕ, ਕੰਪਿਊਟਰ ਰੂਮ ਤੇ ਨਵਾਂ ਫਰਨੀਚਰ ਕਾਲਜ ਦੀ ਖ਼ਾਸ ਵਿਸ਼ੇਸ਼ਤਾ ਹੈ। ਪੇਂਡੂ ਨੌਜਵਾਨਾਂ ਦੇ ਹੱਥ-ਪੈਰ ਮੋਕਲੇ ਕਰਨ ਲਈ ਖੁੱਲ੍ਹੇ ਖੇਡ-ਮੈਦਾਨ ਖੇਤਾਂ ਦੇ ਪਿਛੋਕੜ ਵਿੱਚ ਕੁਦਰਤੀ ਨਜ਼ਾਰਾ ਪੇਸ਼ ਕਰਦੇ ਹਨ ।